ਸੰਘਾ ਪਰਿਵਾਰ ਦਾ ਸਮਾਜ ਸੇਵੀ ਕਾਰਜਾਂ ਵਿੱਚ ਵੱਡਾ ਯੋਗਦਾਨ – ਸਰਪੰਚ ਜਸਵਿੰਦਰ ਸਿੰਘ। ਪਿੰਡ ਦੁਸਾਂਝ ਵਿਖੇ ਲੱਗੇ ਸਿਹਤ ਮੇਲੇ ਦਾ ਇਲਾਕੇ ਦੇ ਮਰੀਜ਼ਾਂ ਨੇ ਲਿਆ ਲਾਹਾ

ਮੋਗਾ 3 ਮਾਰਚ (Rakesh Kumar Chhabra) : ਕਨੇਡਾ ਨਿਵਾਸੀ ਸ.ਤ੍ਰਿਲੋਚਨ ਸਿੰਘ ਸੰਘਾ ਅਤੇ ਸਮੂਹ ਸੰਘਾ ਪਰਿਵਾਰ ਵੱਲੋਂ ਗੁਰਦੁਆਰਾ ਗੁਰੂਸਰ ਪਿੰਡ ਦੁਸਾਂਝ ਵਿਖੇ ਵਿਸ਼ਾਲ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਵੱਲੋਂ ਅੱਖਾਂ ਦੇ ਮਰੀਜ਼ਾਂ ਦੀ ਮੁਫਤ ਜਾਂਚ ਕਰਕੇ ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਅਤੇ ਅਪ੍ਰੇਸ਼ਨਾਂ ਲਈ ਚੁਣੇ ਗਏ ਮਰੀਜ਼ਾਂ ਨੂੰ ਅਪ੍ਰੇਸ਼ਨ ਲਈ ਅੱਜ ਹੀ ਸ਼ੰਕਰਾ ਆਈ ਹਸਪਤਾਲ ਭੇਜ ਦਿੱਤਾ ਗਿਆ। ਹੱਡੀ ਰੋਗਾਂ ਦੇ ਮਾਹਿਰ ਡਾ ਕੇਸ਼ਵ ਵਿਜਾਨ ਵੱਲੋਂ ਹੱਡੀਆਂ ਦੇ ਮਰੀਜ਼ਾਂ ਦੀ ਮੁਫਤ ਜਾਂਚ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਇਲੈਕਟ੍ਰੋ ਹੋਮਿਓਪੈਥੀ ਦੇ ਮਾਹਿਰ ਡਾ ਜਗਜੀਤ ਸਿੰਘ ਗਿੱਲ ਨੇ ਨਬਜ ਰਾਹੀਂ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਕੈੰਪ ਦਾ ਉਦਘਾਟਨ ਕਰਦਿਆਂ ਸਰਪੰਚ ਜਸਵਿੰਦਰ ਸਿੰਘ ਗੋਰਾ ਨੇ ਕਿਹਾ ਕਿ ਸ. ਤ੍ਰਿਲੋਚਨ ਸਿੰਘ ਸੰਘਾ ਅਤੇ ਸਮੂਹ ਪਰਿਵਾਰ ਵੱਲੋਂ ਪਿਛਲੇ 20 ਸਾਲ ਤੋਂ ਲਗਾਤਾਰ ਪਿੰਡ ਵਿੱਚ ਸਿਹਤ ਮੇਲੇ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਅਤੇ ਇਲਾਕੇ ਦੇ ਲੋੜਵੰਦ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਸੰਘਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਰਿਵਾਰ ਕਨੇਡਾ ਰਹਿੰਦੇ ਹੋਏ ਵੀ ਪਿੰਡ ਨਾਲ ਦਿਲੋਂ ਜੁੜਿਆ ਹੋਇਆ ਹੈ। ਇਸ ਮੌਕੇ ਸ਼੍ਰੀਮਤੀ ਗੁਰਮੀਤ ਕੌਰ ਸੰਘਾ ਨੇ ਕੈੰਪ ਵਿੱਚ ਆਏ ਮਰੀਜ਼ਾਂ ਦਾ ਸਵਾਗਤ ਕਰਦਿਆਂ ਇਸ ਕੈਂਪ ਨੂੰ ਕਾਮਯਾਬ ਬਨਾਉਣ ਲਈ ਨਗਰ ਪੰਚਾਇਤ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਇੰਦਰਪਾਲ ਸਿੰਘ ਸੰਘਾ, ਨੰਬਰਦਾਰ ਸੰਤੋਖ ਸਿੰਘ, ਪੰਚ ਸ਼ਿਵਰਾਜ ਸਿੰਘ ਬੱਗਾ, ਜਰਨੈਲ ਸਿੰਘ ਸੰਘਾ ਅਵਤਾਰ ਸਿੰਘ ਖਹਿਰਾ, ਰੂਪ ਸਿੰਘ, ਰਪਿੰਦਰ ਸਿੰਘ, ਹਰਬੰਸ ਕੌਰ, ਮਹਿੰਦਰ ਪਾਲ ਲੂੰਬਾ, ਸਰਪੰਚ ਹਰਭਜਨ ਸਿੰਘ ਬਹੋਨਾ, ਗਿਆਨੀ ਸੁਰਜਨ ਸਿੰਘ, ਬਲਵਿੰਦਰ ਸਿੰਘ, ਹੈਪੀ ਰਖਰਾ, ਕੇਵਲ ਸਿੰਘ ਅਤੇ ਜਸਬੀਰ ਸਿੰਘ ਭੋਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਮਰੀਜ ਹਾਜਰ ਸਨ।