ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਵਿਸ਼ਵ ਮਾਂ ਬੋਲੀ ਦਿਵਸ ਮੌਕੇ ਸਾਹਿਤਕ ਮਿਲਣੀ ਦਾ ਆਯੋਜਨ ਸਮਾਜ ਸੇਵੀ ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ ਦਾ ਵਿਸ਼ੇਸ਼ ਸਨਮਾਨ

0

Moga : 22-02-2025-(Rakesh Kumar Chhabra)
ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਅਤੇ ਚੁਣੌਤੀਆਂ ਦੇ ਵਿਸ਼ੇ ਉੱਪਰ ਵਿਸ਼ੇਸ਼ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਹੀ ਰੱਖੇ ਗਏ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਵਿਅੰਗਕਾਰ ਅਤੇ ਗਲਪਕਾਰ ਸ਼੍ਰੀ ਕੇ. ਐੱਲ. ਗਰਗ ਨੇ ਕੀਤੀ। ਉਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸ. ਬਲਦੇਵ ਸਿੰਘ ਸੜਕਨਾਮਾ, ਲੋਕ ਸਾਹਿਤ ਅਕਾਦਮੀ ਦੇ ਪ੍ਰਧਾਨ ਸ਼੍ਰੀ ਅਸ਼ੋਕ ਚਟਾਨੀ, ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਗੁਰਮੀਤ ਕੜਿਆਲਵੀ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਬਿਰਾਜਮਾਨ ਸਨ। ਸਮਾਗਮ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਸਭ ਨੂੰ ਜੀ ਆਇਆਂ ਆਖਦਿਆਂ ਭਾਸ਼ਾ ਵਿਭਾਗ, ਪੰਜਾਬ ਦੁਆਰਾ ਮਸ਼ੀਨੀ ਬੁੱਧੀਮਾਨਤਾ ਦੇ ਯੁੱਗ ਦੇ ਹਾਣੀ ਬਣਨ ਲਈ ਸ਼ੁਰੂ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਦੁਆਰਾ ਆਪਣੀ ਵੈੱਬਸਾਈਟ ਉੱਪਰ ਆਪਣੀ ਪਬਲੀਕੇਸ਼ਨ ਨੂੰ ਡਿਜੀਟਲ ਰੂਪ ਵਿੱਚ ਪੇਸ਼ ਕੀਤੇ ਜਾਣ ਦਾ ਅਮਲ ਤੇਜ਼ੀ ਨਾਲ ਜਾਰੀ ਹੈ। ਆਉਣ ਵਾਲੇ ਸਮੇਂ ਵਿੱਚ ਭਾਸ਼ਾ ਵਿਭਾਗ, ਪੰਜਾਬ ਦੀਆਂ ਕਿਤਾਬਾਂ ਆਡੀਓ ਰੂਪ ਵਿੱਚ ਵੀ ਉਪਲਬਧ ਹੋਣਗੀਆਂ। ਉਪਰੰਤ ਗ਼ਜ਼ਲਗੋ ਨਰਿੰਦਰ ਰੋਹੀ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਆਪਣੀ ਗ਼ਜ਼ਲ ਦੀ ਬਾ-ਤਰੰਨੁਮ ਪੇਸ਼ਕਾਰੀ ਕੀਤੀ। ਪ੍ਰਸਿੱਧ ਲਿਖਾਰੀ ਗੁਰਮੇਲ ਬੌਡੇ ਨੇ ਆਪਣੇ ਸੰਬੋਧਨ ਦੌਰਾਨ ਅਦਾਲਤਾਂ ਵਿੱਚ ਰਾਜ ਭਾਸ਼ਾ ਪੰਜਾਬੀ ਦੀ ਵਰਤੋਂ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਸਾਬਕਾ ਡੀ.ਪੀ.ਆਰ.ਓ. ਸ. ਗਿਆਨ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਵੱਖ-ਵੱਖ ਥਾਵਾਂ ’ਤੇ ਆਪਣੇ ਪੱਧਰ ਉੱਪਰ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕੰਮ ਕਰ ਰਹੀਆਂ ਸਭਾਵਾਂ, ਸਮਾਜ ਸੇਵੀਆਂ ਨੂੰ ਇਕ ਮੰਚ ’ਤੇ ਇਕੱਠੇ ਕਰਦਿਆਂ ਇਕ ਵੱਡੀ ਲਹਿਰ ਚਲਾਈ ਜਾਣੀ ਚਾਹੀਦੀ ਹੈ। ਹਰਭਜਨ ਸਿੰਘ ਨਾਗਰਾ ਨੇ ਮਾਂ ਬੋਲੀ ਨੂੰ ਸਮਰਪਿਤ ਆਪਣਾ ਤਾਜ਼ਾ ਕਲਾਮ ਬਾ-ਤਰੰਨੁਮ ਪੇਸ਼ ਕੀਤਾ। ਪਰਮਜੀਤ ਸਿੰਘ ਚੂਹੜਚੱਕ ਨੇ ਕਿਹਾ ਕਿ ਇਸ ਸਮੇਂ ਪੰਜਾਬੀ ਮਾਂ ਬੋਲੀ ਦੀ ਸੰਭਾਲ ਦੀ ਮੁਹਿੰਮ ਵਿੱਚ ਨਵੀਂ ਪੀੜ੍ਹੀ ਨੂੰ ਸ਼ਾਮਿਲ ਕੀਤੇ ਜਾਣ ਦੀ ਵੱਡੀ ਲੋੜ ਹੈ। ਸਮਾਜ ਸੇਵੀ ਪ੍ਰੋ. ਬਲਵਿੰਦਰ ਸਿੰਘ ਨੇ ਦੁਕਾਨਾਂ ਆਦਿ ਦੇ ਬੋਰਡਾਂ ਉੱਪਰ ਪੰਜਾਬੀ ਦੀ ਵਰਤੋਂ ਦੇ ਨਾਲ ਨਾਲ ਸ਼ਬਦਜੋੜਾਂ ਦੇ ਸ਼ੁੱਧੀਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ। ਅਵਤਾਰ ਸਿੰਘ ਸਿੱਧੂ ਨੇ ਪੰਜਾਬੀ ਭਾਸ਼ਾ ਵਿੱਚੋਂ ਅਲੋਪ ਹੋ ਰਹੀਆਂ ਧੁਨੀਆਂ ‘ਙ’ ਅਤੇ ‘ਞ’ ਦੀ ਸੰਭਾਲ ਵਾਸਤੇ ਅਪੀਲ ਕੀਤੀ। ਗੁਰਮੀਤ ਕੜਿਆਲਵੀ ਨੇ ਇਸ ਮੌਕੇ ਪੰਜਾਬੀ ਮਾਂ ਬੋਲੀ ਦੇ ਮਹਾਨ ਸੇਵਕ ਸਾਬਕਾ ਮੁੱਖ ਮੰਤਰੀ ਪੰਜਾਬ ਸ. ਲਛਮਣ ਸਿੰਘ ਗਿੱਲ ਨੂੰ ਯਾਦ ਕਰਦਿਆਂ ਪੰਜਾਬੀ ਕੌਮ ਦੁਆਰਾ ਅੰਗਰੇਜ਼ੀ ਭਾਸ਼ਾ ਸਾਹਮਣੇ ਕੀਤੇ ਜਾ ਰਹੇ ਸਮਰਪਣ ਬਾਰੇ ਚਿੰਤਾ ਵਿਅਕਤ ਕੀਤੀ ਅਤੇ ਕਿਹਾ ਕਿ ਮਾਂ ਬੋਲੀ ਕਿਸੇ ਕੌਮ ਦਾ ਗੌਰਵ ਹੁੰਦੀ ਹੈ ਅਤੇ ਆਪਣੇ ਗੌਰਵ ਨੂੰ ਕਾਇਮ ਰੱਖਣ ਦੀ ਚੇਤਨਾ ਦੀ ਇਸ ਸਮੇਂ ਪੰਜਾਬੀਆਂ ਨੂੰ ਬੇਹੱਦ ਲੋੜ ਹੈ। ਸਿਮਰਜੀਤ ਕੌਰ ਸਿੰਮੀ ਨੇ ਆਪਣੀ ਕਵਿਤਾ ਨਾਲ ਹਾਜ਼ਰੀ ਲਵਾਈ। ਸ਼੍ਰੀ ਅਸ਼ੋਕ ਚਟਾਨੀ ਨੇ ਪ੍ਰਾਈਵੇਟ ਸਕੂਲਾਂ ਵਿੱਚ ਨਰਸਰੀ ਪੱਧਰ ’ਤੇ ਪੰਜਾਬੀ ਦੀ ਨੀਂਹ ਨੂੰ ਮਜਬੂਤ ਕੀਤੇ ਜਾਣ ਦੀ ਲੋੜ ਬਾਰੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਸੰਬੰਧੀ ਸਖਤ ਕਾਨੂੰਨ ਹੋਣਾ ਚਾਹੀਦਾ ਹੈ। ਡਾ. ਸੁਰਜੀਤ ਦੌਧਰ ਨੇ ਕਿਹਾ ਕਿ ਜਿਸ ਪ੍ਰਕਾਰ ਦੱਖਣੀ ਭਾਰਤ ਦੇ ਸੂਬਿਆਂ ਵਿੱਚ ਆਪਣੀ ਮਾਂ ਬੋਲੀ ਨੂੰ ਸਨਮਾਨ ਦਿੱਤਾ ਜਾਂਦਾ ਹੈ, ਉਸ ਤੋਂ ਸਾਨੂੰ ਪੰਜਾਬੀਆਂ ਨੂੰ ਸਬਕ ਲੈਣ ਦੀ ਲੋੜ ਹੈ। ਬਲਦੇਵ ਸਿੰਘ ਸੜਕਨਾਮਾ ਨੇ ਕਰਨਾਟਕ ਦੇ ਪੰਡਤ ਰਾਓ ਧੰਨੇਰਵਰ ਦੁਆਰਾ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਸੰਭਾਲ ਲਈ ਚਲਾਈ ਮੁਹਿੰਮ ਦੀ ਸ਼ਲਾਘਾ ਕਰਦਿਆਂ ਸਮੁੱਚੇ ਚੇਤੰਨ ਪੰਜਾਬੀਆਂ ਨੂੰ ਅਜਿਹੀ ਮੁਹਿੰਮ ਵਿੱਢਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਪੰਜਾਬੀ ਮਾਂ ਬੋਲੀ ਦੀ ਸੇਵਾ ਸੰਭਾਲ ਲਈ ਵਿਅਕਤੀਗਤ ਪੱਧਰ ’ਤੇ ਨਿਰੰਤਰ ਯਤਨ ਕਰ ਰਹੇ ਪ੍ਰੋ. ਬਲਵਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੁਆਰਾ ਦੁਕਾਨਾਂ ਦੇ ਬੋਰਡਾਂ ਉੱਪਰ ਲਿਖੇ ਗਲਤ ਸ਼ਬਦਜੋੜਾਂ ਨੂੰ ਦਰੁਸਤ ਕਰਵਾਉਣ ਲਈ ਵਿੱਢੀ ਮੁਹਿੰਮ ਦੀ ਰੱਜ ਕੇ ਸ਼ਲਾਘਾ ਕੀਤੀ ਗਈ। ਸਮਾਗਮ ਦੇ ਪ੍ਰਧਾਨਗੀ ਭਾਸ਼ਨ ਦੌਰਾਨ ਸ਼੍ਰੀ ਕੇ. ਐੱਲ. ਗਰਗ ਨੇ ਅੱਜ ਦੀ ਸਾਹਿਤਕ ਮਿਲਣੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਮਿਲਣੀਆਂ ਦੀ ਲੜੀ ਚੱਲਦੀ ਰਹਿਣੀ ਚਾਹੀਦੀ ਹੈ ਅਤੇ ਹਰ ਮਿਲਣੀ ਦੌਰਾਨ ਪੰਜਾਬੀ ਭਾਸ਼ਾ ਅਤੇ ਸਾਹਿਤ ਬਾਰੇ ਕਿਸੇ ਮੁੱਦੇ ਨੂੰ ਲੈ-ਕੇ ਇਸੇ ਤਰ੍ਹਾਂ ਗੰਭੀਰ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਅੱਜ ਦੀ ਮਿਲਣੀ ਵਿੱਚ ਆਪਣੇ ਕੀਮਤੀ ਵਿਚਾਰ ਰੱਖਣ ਅਤੇ ਰਚਨਾਵਾਂ ਪੇਸ਼ ਕਰਨ ਵਾਲੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਦੇ ਸੀਨੀਅਰ ਸਹਾਇਕ ਸ. ਨਵਦੀਪ ਸਿੰਘ ਦੀ ਦੇਖ-ਰੇਖ ਹੇਠ ਭਾਸ਼ਾ ਵਿਭਾਗ, ਪੰਜਾਬ ਦੀਆਂ ਪੁਸਤਕਾਂ ਦੀ ਪੁਸਤਕ ਪ੍ਰਦਰਸ਼ਨੀ ਲਗਾਈ ਲਈ, ਜੋ ਕਿ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੀ ਰਹੀ।

About The Author

Leave a Reply

Your email address will not be published. Required fields are marked *