ਡੇਅਰੀ ਵਿਕਾਸ ਵਿਭਾਗ ਮੋਗਾ ਵੱਲੋਂ ਪਿੰਡ ਬਾਕਰ ਵਾਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ

ਮੋਗਾ, 18 ਦਸੰਬਰ,(Rakesh Kumar Chhabra)
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਨੌਜਵਾਨਾਂ ਨੂੰ ਸਵੈ-ਰੋਜ਼ਗਾਰ, ਖੇਤੀਬਾੜੀ ਵਿੱਚ ਵਿਭਿੰਨਤਾ ਅਤੇ ਕਿਸਾਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਲਗਾਤਾਰ ਯਤਨਸ਼ੀਲ ਰਹਿ ਰਿਹਾ ਹੈ। ਦੁੱਧ ਉਤਪਾਦਕ ਕੈਂਪਾਂ ਦਾ ਆਯੋਜਨ ਕਰਕੇ ਕਿਸਾਨਾਂ ਨੂੰ ਸਫਲ ਡੇਅਰੀ ਕਿਸਾਨ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ।ਇਸਦੀ ਲਗਾਤਾਰਤਾ ਵਿੱਚ ਪਿੰਡ ਬਾਕਰ ਵਾਲਾ ਬਲਾਕ ਧਰਮਕੋਟ ਜ਼ਿਲ੍ਹਾ ਮੋਗਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਵਿੱਚ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਮੋਗਾ ਸ੍ਰੀ ਸੁਰਿੰਦਰ ਸਿੰਘ ਵੱਲੋਂ ਕਾਮਯਾਬ ਡੇਅਰੀ ਫਾਰਮਿੰਗ ਦੇ ਮੂਲ-ਮੰਤਰ ਅਤੇ ਡੇਅਰੀ ਕਿੱਤੇ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਗਈ। ਕਿਸਾਨਾਂ ਨੂੰ ਅਲੱਗ-ਅਲੱਗ ਵਿਸ਼ੇ ਮਾਹਿਰਾਂ ਨੇ ਆਪਣੀ ਵਡਮੁੱਲੀ ਜਾਣਕਾਰੀ ਦਿੱਤੀ ਜਿਸ ਵਿੱਚ ਸ. ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਨੇ ਸਾਫ ਦੁੱਧ ਦੀ ਮਹੱਤਤਾ ਅਤੇ ਰਿਟ. ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ. ਮਲਕੀਤ ਸਿੰਘ ਦਿਓਲ ਨੇ ਪਸ਼ੂਆਂ ਦੀ ਨਸਲ ਸੁਧਾਰ ਅਤੇ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਵਿਭਾਗੀ ਟੀਮ ਜਿਸ ਵਿੱਚ ਡੇਅਰੀ ਵਿਕਾਸ ਇੰਸਪੈਕਟਰ ਨਵਦੀਪ ਸਿੰਘ ਨੇ ਦੁੱਧ ਦੀ ਗੁਣਵੱਤਾ ਅਤੇ ਦੁੱਧ ਤੋਂ ਬਣਦੇ ਪਦਾਰਥਾਂ ਬਾਰੇ, ਦੇਵ ਸਿਮਰਨ ਕੌਰ ਡੇਅਰੀ ਵਿਕਾਸ ਇੰਸਪੈਕਟਰ ਨੇ ਰਾਸ਼ਟਰੀ ਪਸ਼ੂ ਧੰਨ ਮਿਸ਼ਨ ਅਧੀਨ 50 ਜਨਰਲ ਅਤੇ 70% ਅ.ਜਾਤੀ ਸਬਸਿਡੀ ਤੇ ਚੱਲ ਰਹੀ ਪਸ਼ੂਆਂ ਦੇ ਬੀਮੇਂ ਦੀ ਸਕੀਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।