ਮਾਮਲਾ ਕੋਟਕਪੂਰਾ ਰੋਡ ਸਥਿਤ ਸ਼ਿਵ ਮੰਦਿਰ ਨੂੰ ਨੁਕਸਾਨ ਨਾ ਪਹੁੰਚਾਉਣ ਦਾ.. ਵਿਜੇ ਧੀਰ ਐਡਵੋਕੇਟ ਦੀ ਅਗਵਾਈ ਹੇਠ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ

ਮੋਗਾ, 11 ਦਸੰਬਰ (Rakesh Kumar Chhabra)-
ਮੋਗਾ ਦੇ ਕੋਟਕਪੁਰਾ ਰੋਡ ਸਥਿਤ ਨਗਰ ਸੁਧਾਰ ਟਰੱਸਟ ਦੇ ਸ਼ਾਪਿੰਗ ਕੰਪਲੈਕਸ ਦੀ ਮੁਹਰਲੀ ਦੀਵਾਰ ਦੇ ਬਾਹਰਲੇ ਪਾਸੇ ਬੀਤੇ 25 ਸਾਲਾਂ ਤੋਂ ਸ਼ਿਵ ਮੰਦਿਰ ਬਣਿਆ ਹੋਇਆ ਹੈ। ਮੰਦਿਰ ਦੇ ਨਾਲ ਇਕ ਛੋਟਾ ਜਿਹਾ ਪਾਰਕ ਬਣਿਆ ਹੋਇਆ ਹੈ ,ਜਿਸ ਦੇ ਚਾਰੋਂ ਤਰਫ ਕੰਟੀਲੀ ਤਾਰਾਂ ਲੱਗੀਆਂ ਹੋਈਆਂ ਹਨ। ਪਹਿਲਾਂ ਇਸ ਜਗਾਂ ਤੇ ਗੰਦਗੀ ਦੇ ਢੇਰ ਲੱਗਦੇ ਸਨ। ਇਸ ਮੰਦਿਰ ਦੇ ਆਸ ਪਾਸ ਦੀਆਂ ਆਬਾਦੀਆਂ ਦੇ ਲੋਕ ਸੈਂਕੜਿਆਂ ਦੀ ਗਿਣਤੀ ਵਿਚ ਇਸ ਮੰਦਿਰ ਵਿਚ ਸ਼ਿਵਲਿੰਗ ਤੇ ਜਲ ਚੜਾਉਣ ਲਈ ਆਉਂਦੇ ਹਨ। ਕੁਝ ਦਿਨ ਪਹਿਲਾਂ ਨਗਰ ਸੁਧਾਰ ਟਰੱਸਟ ਵੱਲੋਂ ਇਸ ਮੰਦਿਰ ਦੇ ਪਿੱਛੇ ਬਣੀ ਸ਼ਾਪਿੰਗ ਕੰਪਲੈਕਸ ਦੀ ਦੁਵਾਰ ਢਾਅ ਦਿੱਤੀ ਗਈ ਅਤੇ ਪਾਰਕ ਦੇ ਚਾਰੋਂ ਤਰਫੋਂ ਲੱਗੀ ਕੰਟੀਲੀ ਤਾਰ ਉਖਾੜ ਦਿੱਤੀ ਅਤੇ ਪਾਣੀ ਵਾਲੀ ਟੈਂਕੀ ਚੁਕਵਾ ਦਿੱਤੀ ਅਤੇ ਸ਼ਿਵ ਮੰਦਿਰ ਨੂੰ ਹਟਾਉਣ ਦੀ ਗੱਲ ਕਹੀ ਗਈ। ਨਗਰ ਸੁਧਾਰ ਟਰੱਸਟ ਦੇ ਧਰਮ ਵਿਰੋਧੀ ਇਸ ਰਵੱਈਏ ਕਾਰਨ ਸ਼ਿਵ ਮੰਦਿਰ ਦੀ ਪ੍ਰਬੰਧ ਕਰਨ ਵਾਲੇ ਪ੍ਰਧਾਨ ਸੁਰਿੰਦਰ ਪਾਲ ਜਿੰਦਲ ਦੀ ਅਗਵਾਈ ਹੇਠ ਪਲੰਬਰ ਤੇ ਸੈਂਟਰੀ ਵਰਕਰ ਯੂਨੀਅਨ ਦੇ ਮੈਂਬਰਾਂ ਦੀ ਬੀਤੇ 25 ਸਾਲ ਤੋਂ ਬਣੀ ਹੋਈ ਪ੍ਰਬੰਧਕ ਕਮੇਟੀ ਇਸ ਮਾਮਲੇ ਦੇ ਹੱਲ ਲਈ ਅਤੇ ਆਸ ਪਾਸ ਦੀ ਆਬਾਦੀਆਂ ਦੇ ਵਿਸ਼ਾਲ ਗਿਣਤੀ ’ਚੋਂ ਸ਼ਰਧਾਲੂਆਂ ਵਿਚ ਰੋਸ਼ ਪਾਇਆ ਗਿਆ। ਨਗਰ ਸੁਧਾਰ ਟਰੱਸਟ ਦੇ ਸ਼ਾਪਿੰਗ ਕੰਪਲੈਕਸ ਦੇ ਸੁੰਦਰੀਕਰਨ ਦੇ ਨਾਮ ਹੇਠ ਹਜ਼ਾਰਾਂ ਸ਼ਿਵ ਭਗਤਾਂ ਦੀ ਆਸਥਾ ਦਾ ਕੇਂਦਰ ਸ਼ਿਵ ਮੰਦਿਰ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਮੰਗ ਨੂੰ ਲੈ ਕੇ ਇਕ ਵਫਦ ਨੇ ਮਾਲਵੇ ਦੇ ਉੱਘੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਅਤੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀਪਕ ਅਰੋੜਾ ਸਮਾਲਸਰ ਨੂੰ ਮਿਲਿਆ ਅਤੇ ਇਸ ਸਬੰਧੀ ਉਨ੍ਹਾਂ ਨੂੰ ਇਕ ਮੰਗ ਪੱਤਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਲੰਬਰ ਅਤੇ ਸੈਨਟਰੀ ਵਰਕਰ ਯੂਨੀਅਨ ਅਤੇ ਮੰਦਿਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਪਾਲ ਜਿੰਦਲ, ਜਨਰਲ ਸਕੱਤਰ ਅਮਰਜੀਤ ਸਿੰਘ ਬਾਵਾ, ਐਡਵੋਕੇਟ ਪ੍ਰਦੀਪ ਭਾਰਤੀ, ਐਡਵੋਕੇਟ ਦਿਨੇਸ਼ ਗਰਗ, ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਸ਼ਰਮਾ, ਸ਼੍ਰੀ ਬ੍ਰਾਹਮਣ ਸਭਾ ਪੰਜਾਬ ਦੀ ਸੂਬਾ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਅਸ਼ੋਕ ਕਾਲੀਆ, ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਅਮਿਤ ਪੁੁਰੀ ਪਹਿਲਾਂ ਤੋਂ ਹਾਜ਼ਰ ਸਨ। ਇਸ ਮੌਕੇ ਵਿਜੇ ਧੀਰ ਐਡਵੋਕੇਟ ਨੇ ਦੱਸਿਆ ਕਿ ਚੇਅਰਮੈਨ ਦੀਪਕ ਅਰੋੜਾ ਨੇ ਬਹੁਤ ਹੀ ਨਿੱਘੇ ਅੰਦਾਜ਼ ’ਚ ਵਫਦ ਦੇ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਸ਼ਿਵ ਭਗਤਾਂ ਦੀ ਧਾਰਮਿਕ ਆਸਥਾ ਦਾ ਸਤਿਕਾਰ ਕਰਦੇ ਹਨ ਅਤੇ ਮੰਦਿਰ ਨੂੰ ਕੋਈ ਵੀ ਨੁਕਸਾਨ ਨਹੀਂ ਹੋਣ ਦਿਆਂਗੇ।ਦੀਪਕ ਅਰੋੜਾ ਨੇ ਕਿਹਾ ਕਿ ਉਹ ਵੀਰਵਾਰ ਨੂੰ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਸਰਬਸੰਮਤੀ ਨਾਲ ਇਸ ਮਸਲੇ ਨੂੰ ਹੱਲ ਕਰਨ ਲਈ ਰਸਤੇ ਦੀ ਤਲਾਸ਼ ਕਰਨਗੇ।