ਸੈਕੰਡਰੀ ਸਕੂਲ ਜਲਾਲਾਬਾਦ ਪੂਰਬੀ ਦੇ 8 ਅਧਿਆਪਕਾਂ ਨੇ ਚੈੱਸ ਮੁਕਾਬਲਿਆਂ ਵਿੱਚੋਂ ਜਿੱਤੇ ਗੋਲਡ, ਚਾਂਦੀ, ਕਾਂਸੀ ਮੈਡਲ

ਮੋਗਾ, 2 ਦਸੰਬਰ (Rakesh Kumar Chhabra)
‘ਖੇਡਾ ਵਤਨ ਪੰਜਾਬ ਦੀਆਂ-2024’ ਦੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਮੋਗਾ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਜਲਾਲਾਬਾਦ ਪੂਰਬੀ ਦੇ ਅਧਿਆਪਕਾਂ ਨੇ ਚੈੱਸ ਮੁਕਾਬਲਿਆ ਵਿੱਚ ਇੱਕ ਗੋਲਡ, ਚਾਰ ਚਾਂਦੀ ਅਤੇ ਤਿੰਨ ਕਾਂਸੀ ਮੈਡਲ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਇਹ ਮੁਕਾਬਲੇ ਜਲੰਧਰ ਵਿਖੇ ਆਯੋਜਿਤ ਕਰਵਾਏ ਗਏ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਕਮਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਸਰਕਾਰੀ ਸੇਵਾਵਾਂ ਨਿਭਾਅ ਰਹੇ 8 ਅਧਿਆਪਕਾਂ ਨੇ ਪੰਜਾਬ ਸਰਕਾਰ ਦੁਆਰਾ ਆਯੋਜਿਤ ਖੇਡਾ ਵਤਨ ਪੰਜਾਬ ਦੀਆਂ-2024 ਵਿੱਚ ਭਾਗ ਲਿਆ ਅਤੇ ਸਾਰੇ ਹੀ ਅਧਿਆਪਕਾਂ ਨੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਦੇ ਹੋਏ ਵੱਖ ਵੱਖ ਮੈਡਲ ਹਾਸਲ ਕੀਤੇ।
ਇਹਨਾਂ ਮੁਕਾਬਲਿਆਂ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਮੁਕਾਬਲੇ ਮਿਤੀ 19 ਨਵੰਬਰ ਤੋਂ 22 ਨਵੰਬਰ 2024 ਤੱਕ ਹੋਏ ਹੋਏ ਸਨ। ਮਹਿਲਾ ਉਮਰ 31-40 ਵਰਗ ਵਿੱਚ ਉਹਨਾਂ ਦੇ ਸਕੂਲ ਦੇ ਸਾਇੰਸ ਵਿਸ਼ੇ ਦੇ ਅਧਿਆਪਕ ਸੁਨੀਤਾ ਰਾਣੀ ਦੀ ਟੀਮ ਨੇ ਮੋਗਾ ਜ਼ਿਲ੍ਹੇ ਲਈ ਪਹਿਲਾ ਸਥਾਨ ਜਿੱਤ ਕੇ ਗੋਲਡ ਮੈਡਲ, ਮਹਿਲਾ ਉਮਰ 41-50 ਵਰਗ ਵਿੱਚ ਅਧਿਆਪਕ ਪ੍ਰਭੂਤਾ ਗੋਇਲ (ਸਾਇੰਸ ਮਿਸਟ੍ਰੈਸ), ਰੁਪਿੰਦਰ ਕੌਰ (ਸਾਇੰਸ ਮਿਸਟ੍ਰੈਸ) ਅਤੇ ਹਰਦੀਪ ਕੌਰ (ਅੰਗਰੇਜ਼ੀ ਮਿਸਟ੍ਰੈਸ) ਦੀ ਟੀਮ ਨੇ ਮੋਗਾ ਜ਼ਿਲ੍ਹੇ ਲਈ ਤੀਸਰਾ ਸਥਾਨ ਜਿੱਤ ਕੇ ਕਾਂਸੇ ਦੇ ਮੈਡਲ ਅਤੇ ਮਹਿਲਾ ਉਮਰ 51-60 ਵਰਗ ਵਿੱਚ ਰਜਨੀ ਕੱਕੜ (ਅੰਗਰੇਜ਼ੀ ਮਿਸਟ੍ਰੈਸ), ਸਰਸਵਤੀ ਦੇਵੀ (ਪੰਜਾਬੀ ਮਿਸਟ੍ਰੈਸ), ਡਿੰਪਲ ਰਾਣੀ (ਹਿੰਦੀ ਮਿਸਟ੍ਰੈਸ)ਅਤੇ ਕਰਮਜੀਤ ਕੌਰ (ਪੀ ਟੀ ਆਈ) ਦੀ ਟੀਮ ਨੇ ਮੋਗਾ ਜ਼ਿਲ੍ਹੇ ਲਈ ਦੂਸਰਾ ਸਥਾਨ ਜਿੱਤ ਕੇ ਚਾਂਦੀ ਦੇ ਮੈਡਲ ਹਾਸਲ ਕੀਤੇ।